08/08/2026
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਡਾ. ਨਛੱਤਰ ਪਾਲ ਜੀ ਦਾ ਦਿਲੋਂ ਧੰਨਵਾਦ
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਅਸੀਂ ਬਹੁਜਨ ਸਮਾਜ ਪਾਰਟੀ ਦੇ ਨਵਾਂ ਸ਼ਹਿਰ ਤੋਂ ਮਾਣਯੋਗ ਵਿਧਾਇਕ ਡਾ. ਨਛੱਤਰ ਪਾਲ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਦਨ ਵਿੱਚ 18 ਸਾਲਾਂ ਤੋਂ ਕੱਚੀ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕਰਨ ਦੀ ਮੰਗ ਨੂੰ ਆਵਾਜ਼ ਬੁਲੰਦ ਕਰਕੇ ਉਠਾਇਆ ਗਿਆ।
ਪਿਛਲੇ ਲਗਭਗ ਦੋ ਮਹੀਨਿਆਂ ਤੋਂ ਨਰੇਗਾ ਮੁਲਾਜ਼ਮ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੇ ਦੌਰਾਨ ਸਾਡੀਆਂ ਜਾਇਜ਼ ਮੰਗਾਂ ਨੂੰ ਵਿਧਾਨ ਸਭਾ ਦੇ ਮੰਚ ’ਤੇ ਉਠਾਉਣਾ ਡਾ. ਨਛੱਤਰ ਪਾਲ ਜੀ ਵੱਲੋਂ ਇੱਕ ਲੋਕ ਪੱਖੀ ਅਤੇ ਜ਼ਿੰਮੇਵਾਰ ਜਨ-ਪ੍ਰਤੀਨਿਧੀ ਹੋਣ ਦੀ ਵਿਲੱਖਣ ਮਿਸਾਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਨਰੇਗਾ ਮੁਲਾਜ਼ਮਾਂ ਦੀ ਆਵਾਜ਼ ਨੂੰ ਇਸੇ ਤਰ੍ਹਾਂ ਮਜ਼ਬੂਤੀ ਨਾਲ ਉਠਾਉਂਦੇ ਰਹਿਣਗੇ।
ਦੂਜੇ ਪਾਸੇ, ਪੰਜਾਬ ਦੇ ਲੋਕਾਂ ਵੱਲੋਂ ਵੱਡੀਆਂ ਉਮੀਦਾਂ ਅਤੇ ਭਰੋਸੇ ਨਾਲ ਸੱਤਾ ਵਿੱਚ ਲਿਆਂਦੀ ਗਈ ਆਮ ਆਦਮੀ ਪਾਰਟੀ ਦੇ 95 ਵਿਧਾਇਕਾਂ, 3 ਸਾਂਸਦਾਂ, ਵੱਖ-ਵੱਖ ਚੇਅਰਮੈਨਾਂ ਅਤੇ ਅਨੇਕਾਂ ਹਲਕਾ ਇੰਚਾਰਜਾਂ ਤੱਕ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਪਹੁੰਚਾਏ ਗਏ ਹਨ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇੰਨੇ ਲੰਮੇ ਸੰਘਰਸ਼ ਦੇ ਬਾਵਜੂਦ ਸਾਡੀ ਜਾਇਜ਼ ਮੰਗ ਦੇ ਹੱਲ ਲਈ ਸਰਕਾਰ ਦੇ ਬਹੁਤ ਸਾਰੇ ਨੁਮਾਇੰਦਿਆਂ ਵੱਲੋਂ ਕੋਈ ਠੋਸ ਪਹਿਲਕਦਮੀ ਸਾਹਮਣੇ ਨਹੀਂ ਆਈ।
ਨਰੇਗਾ ਮੁਲਾਜ਼ਮ ਕੋਈ ਨਵੀਂ ਮੰਗ ਨਹੀਂ ਕਰ ਰਹੇ। ਅਸੀਂ ਸਿਰਫ਼ 18 ਸਾਲਾਂ ਤੋਂ ਕੀਤੀ ਜਾ ਰਹੀ ਸੇਵਾ ਦਾ ਸਨਮਾਨ, ਨੌਕਰੀ ਦੀ ਸੁਰੱਖਿਆ ਅਤੇ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੇ ਕਰਨ ਦੀ ਮੰਗ ਕਰ ਰਹੇ ਹਾਂ। ਇੰਨੇ ਲੰਮੇ ਸਮੇਂ ਤੋਂ ਵਿਭਾਗ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਅਣਮਿੱਥੇ ਸਮੇਂ ਲਈ ਕੱਚੀ ਨੌਕਰੀ ਵਿੱਚ ਰੱਖਣਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ ਹੈ।
ਸਰਕਾਰ ਅਤੇ ਸੱਤਾਧਾਰੀ ਆਗੂਆਂ ਨੂੰ ਸਪੱਸ਼ਟ ਅਪੀਲ
ਜੇਕਰ ਪੰਜਾਬ ਸਰਕਾਰ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਦੀ ਮਰਜ਼ਿੰਗ ਅਤੇ ਰੈਗੂਲਰਾਈਜ਼ੇਸ਼ਨ ਸਬੰਧੀ ਕੋਈ ਠੋਸ ਅਤੇ ਨੀਤੀਗਤ ਫੈਸਲਾ ਨਹੀਂ ਲਿਆ ਜਾਂਦਾ, ਤਾਂ ਆਉਣ ਵਾਲੇ ਸਮੇਂ ਵਿੱਚ ਨਰੇਗਾ ਕਰਮਚਾਰੀ ਯੂਨੀਅਨ ਆਪਣੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੇਗੀ।
ਸਰਕਾਰ ਦੇ ਹਰ ਉਸ ਨੁਮਾਇੰਦੇ ਨੂੰ, ਜਿਸ ਕੋਲ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ, ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਮਾਮਲੇ ਨੂੰ ਸਿਰਫ਼ ਚੋਣਾਂ ਦੇ ਨਜ਼ਰੀਏ ਨਾਲ ਨਾ ਦੇਖਣ, ਬਲਕਿ 18 ਸਾਲਾਂ ਤੋਂ ਸੇਵਾ ਕਰ ਰਹੇ ਹਜ਼ਾਰਾਂ ਨਰੇਗਾ ਪਰਿਵਾਰਾਂ ਦੇ ਭਵਿੱਖ ਨਾਲ ਜੁੜੇ ਮਸਲੇ ਵਜੋਂ ਦੇਖਣ।
ਖ਼ਾਸ ਕਰਕੇ ਉਹ ਆਗੂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੀ ਦਾਅਵੇਦਾਰੀ ਰੱਖਦੇ ਹਨ, ਉਹ ਆਪਣੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ-ਨਾਲ ਦਿੱਲੀ ਦੀ ਹਾਈਕਮਾਂਡ ਦੇ ਧਿਆਨ ਵਿੱਚ ਨਰੇਗਾ ਮੁਲਾਜ਼ਮਾਂ ਦੀ ਇਹ ਜਾਇਜ਼ ਮੰਗ ਪਹੁੰਚਾਉਣ ਅਤੇ ਇਸ ਦੇ ਹੱਲ ਲਈ ਗੰਭੀਰ ਵਕਾਲਤ ਕਰਨ।
ਨਰੇਗਾ ਮੁਲਾਜ਼ਮ ਕਿਸੇ ਸਿਆਸੀ ਪਾਰਟੀ ਦੇ ਵਿਰੋਧੀ ਨਹੀਂ ਹਨ—ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ।
ਜਿਨ੍ਹਾਂ ਨੇ ਸਾਡੀ ਆਵਾਜ਼ ਬਣਨਾ ਹੈ, ਅਸੀਂ ਉਨ੍ਹਾਂ ਦਾ ਸਤਿਕਾਰ ਕਰਾਂਗੇ।
ਪਰ ਜਿਹੜੇ ਸਾਡੇ ਹੱਕਾਂ ਦੀ ਆਵਾਜ਼ ਨਹੀਂ ਬਣਨਗੇ, ਉਨ੍ਹਾਂ ਕੋਲੋਂ ਆਪਣੇ ਸਵਾਲ ਪੁੱਛਣਾ ਵੀ ਸਾਡਾ ਲੋਕਤੰਤਰਿਕ ਹੱਕ ਹੈ।
18 ਸਾਲ ਦੀ ਸੇਵਾ ਦਾ ਸਨਮਾਨ ਕਰੋ।
ਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿੱਚ ਮਰਜ਼ ਕਰੋ।
ਨਰੇਗਾ ਮੁਲਾਜ਼ਮਾਂ ਨੂੰ ਪੱਕਾ ਕਰੋ।
ਜੈ ਸੰਘਰਸ਼ — ਜੈ ਨਰੇਗਾ ਕਰਮਚਾਰੀ ਏਕਤਾ
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ
#ਮਨਰੇਗਾਕਰਮਚਾਰੀ
#ਮਨਰੇਗਾਯੂਨੀਅਨ
#ਪੰਜਾਬ
#ਹੱਕਾਂਦੀਲੜਾਈ
#ਏਕਤਾ
#ਮਜ਼ਦੂਰਏਕਤਾ
#ਸੰਘਰਸ਼
#ਜੈਜਨਤਾਜੈਸੰਘਰਸ਼